ਸਮੱਗਰੀ 'ਤੇ ਜਾਓ

ਸਾਧੂ ਸਿੰਘ ਧਾਮੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।
ਸਾਧੂ ਸਿੰਘ ਧਾਮੀ
ਜਨਮ(1906-01-01)1 ਜਨਵਰੀ 1906
ਪਿਪਲਾਂ ਵਾਲਾ, ਹੁਸ਼ਿਆਰਪੁਰ
ਕਿੱਤਾਨਾਵਲਕਾਰ

ਡਾ: ਸਾਧੂ ਸਿੰਘ ਧਾਮੀ ਪੰਜਾਬੀ ਦੇ ਮਸ਼ਹੂਰ ਨਾਵਲ "ਮਲੂਕਾ" ਦੇ ਲੇਖਕ ਸਨ। ਇਸ ਨਾਵਲ ਵਿੱਚ 1920ਵਿਆਂ ਵਿੱਚ ਕਨੇਡਾ ਵਿੱਚ ਰਹਿ ਰਹੇ ਪੰਜਾਬੀਆਂ ਦੇ ਜੀਵਨ ਨੂੰ ਪੇਸ਼ ਕੀਤਾ ਗਿਆ ਹੈ।

ਮੁਢਲਾ ਜੀਵਨ

ਡਾ: ਧਾਮੀ ਦਾ ਜਨਮ ਸੰਨ 1906 ਵਿੱਚ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪਿੱਪਲਾਂ ਵਾਲਾਂ ਵਿੱਚ ਹੋਇਆ। ਸੰਨ 1922 ਵਿੱਚ ਉਹ ਕਨੇਡਾ ਆ ਗਏ। ਉਸ ਸਮੇਂ ਕਨੇਡਾ ਆਏ ਦੂਸਰੇ ਪੰਜਾਬੀਆਂ ਵਾਂਗ ਪਹਿਲਾਂ ਪਹਿਲ ਉਹਨਾਂ ਨੇ ਇਕ ਲੱਕੜ ਦੀ ਮਿੱਲ ਵਿੱਚ ਕੰਮ ਕੀਤਾ। ਫਿਰ ਉਹ ਪੜ੍ਹਨ ਲੱਗ ਪਏ। ਕਨੇਡਾ ਵਿੱਚ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਦੀ ਸ਼ੁਰੂਆਤ ਉਹਨਾਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਕੀਤੀ। ਫਿਰ ਉਹ ਆਪਣੀ ਪੜ੍ਹਾਈ ਲਈ ਪਹਿਲਾਂ ਅਲਬਰਟਾ ਅਤੇ ਫਿਰ ਟਰਾਂਟੋ ਚਲੇ ਗਏ। ਸੰਨ 1937 ਵਿੱਚ ਉਹਨਾਂ ਨੇ ਯੂਨੀਵਰਸਿਟੀ ਆਫ ਟਰਾਂਟੋ ਤੋਂ ਫਿਲਾਸਫੀ ਵਿੱਚ ਪੀ ਐੱਚ ਡੀ ਦੀ ਡਿਗਰੀ ਪ੍ਰਾਪਤ ਕੀਤੀ। ਉਹ ਕਨੇਡਾ ਵਿੱਚ ਇਹ ਡਿਗਰੀ ਲੈਣ ਵਾਲੇ ਪਹਿਲੇ ਪੰਜਾਬੀ ਵਿਅਕਤੀ ਸਨ। ਸੰਨ 1937-42 ਤੱਕ ਉਹ ਯੂਨੀਵਰਸਿਟੀ ਆਫ ਟਰਾਂਟੋ ਅਧੀਨ ਵਰਕਰਜ਼ ਐਜੂਕੇਸ਼ਨਲ ਐਸੋਸੀਏਸ਼ਨ ਆਫ ਕਨੇਡਾ ਲਈ ਫਿਲਾਸਫੀ ਦੇ ਲੈਕਚਰਾਰ ਰਹੇ। ਇਸ ਦੇ ਨਾਲ ਨਾਲ ਇਸ ਸਮੇਂ ਦੌਰਾਨ ਉਹਨਾਂ ਨੇ ਇਕ ਫਰੀਲਾਂਸ ਲੇਖਕ ਅਤੇ ਟਰੇਡ ਯੂਨੀਅਨ ਆਰਗੇਨਾਈਜਰ ਵਜੋਂ ਵੀ ਕੰਮ ਕੀਤਾ।

ਨੌਕਰੀ ਅਤੇ ਲੇਖਕ

ਸੰਨ 1942-66 ਤੱਕ ਉਹਨਾਂ ਨੇ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੇ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿੱਚਲੇ ਦਫਤਰ ਵਿੱਚ ਕੰਮ ਕੀਤਾ। ਸੰਨ 1966 ਵਿੱਚ ਰਿਟਾਇਰਮੈਂਟ ਤੋਂ ਬਾਅਦ ਉਹ ਲਿਖਣ ਵਲ ਰੁਚਿਤ ਹੋਏ ਅਤੇ ਉਹਨਾਂ ਨੇ ਯੂ ਕੇ, ਕੈਨੇਡਾ, ਭਾਰਤ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਛਪਦੇ ਕਈ ਰਸਾਲਿਆਂ ਵਿੱਚ ਆਪਣੇ ਲੇਖ ਛਪਵਾਏ। ਸੰਨ 1978 ਵਿੱਚ ਉਹਨਾਂ ਨੇ ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੀ ਕੁਝ ਵਰ੍ਹਿਆਂ ਦੀ ਰਿਹਾਇਸ਼ ਦੇ ਤਜਰਬੇ ਦੇ ਆਧਾਰ 'ਤੇ ਆਪਣਾ ਪਹਿਲਾ ਨਾਵਲ ਮਲੂਕਾ ਅੰਗਰੇਜ਼ੀ ਵਿੱਚ ਲਿਖਿਆ। ਇਹ ਨਾਵਲ ਦਿੱਲੀ ਸਥਿਤ ਪ੍ਰਕਾਸ਼ਕ ਅਰਨੋਲਡ-ਆਇਨਮਾਨ ਨੇ ਪ੍ਰਕਾਸ਼ਤ ਕੀਤਾ।

ਨਾਵਲ ਮਲੂਕਾ

ਅੰਗਰੇਜ਼ੀ ਵਿੱਚ ਛਪਿਆ ਨਾਵਲ ਮਲੂਕਾ ਬਹੁਤੀ ਚਰਚਾ ਦਾ ਵਿਸ਼ਾ ਨਾ ਬਣਿਆ। ਸੰਨ 1988 ਵਿੱਚ ਸਾਧੂ ਬਿਨਿੰਗ, ਸੁਖਵੰਤ ਹੁੰਦਲ ਅਤੇ ਗੁਰਮੇਲ ਰਾਏ ਨੇ ਸਾਂਝੇ ਤੌਰ 'ਤੇ ਮਲੂਕਾ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਵੈਨਕੂਵਰ ਸੱਥ ਦੇ ਸਹਿਯੋਗ ਨਾਲ ਇਸ ਨੂੰ ਪੰਜਾਬੀ ਵਿੱਚ ਭਾਜੀ ਗੁਰਸ਼ਰਨ ਸਿੰਘ ਨੇ 1988 ਵਿੱਚ ਬਲਰਾਜ ਸਾਹਨੀ ਯਾਦਗਰ ਪ੍ਰਕਾਸ਼ਨ ਵਲੋਂ ਛਾਪਿਆ।[1] ਮਲੂਕਾ ਨੂੰ ਕਨੇਡਾ ਵਿੱਚ ਰਿਲੀਜ਼ ਕਰਨ ਲਈ ਵੈਨਕੂਵਰ ਸੱਥ ਨੇ ਡਾ: ਸਾਧੂ ਸਿੰਘ ਧਾਮੀ ਨੂੰ ਕਨੇਡਾ ਸੱਦਿਆ ਅਤੇ ਕਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਨਾਵਲ ਦੇ ਰਿਲੀਜ਼ ਸਮਾਗਮ ਕਰਨ ਦਾ ਪ੍ਰਬੰਧ ਕੀਤਾ।

ਮਲੂਕਾ ਪਹਿਲਾ ਐਡੀਸ਼ਨ

ਕਨੇਡਾ ਦੇ ਪੰਜਾਬੀਆਂ ਵਲੋਂ ਇਸ ਨਾਵਲ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ। ਹਰ ਸ਼ਹਿਰ ਦੇ ਰਿਲੀਜ਼ ਸਮਾਗਮ ਵਿੱਚ ਲੋਕ ਵੱਡੀ ਗਿਣਤੀ ਵਿੱਚ ਡਾ: ਧਾਮੀ ਨੂੰ ਸੁਣਨ ਲਈ ਪਹੁੰਚੇ ਅਤੇ ਨਾਵਲ ਨੂੰ ਖ੍ਰੀਦਿਆ। ਕਨੇਡਾ ਦੇ ਮੁੱਖ ਧਾਰਾ ਦੇ ਅੰਗ੍ਰੇਜ਼ੀ ਮੀਡੀਏ ਨੇ ਡਾ: ਸਾਧੂ ਸਿੰਘ ਧਾਮੀ ਅਤੇ ਨਾਵਲ ਮਲੂਕਾ ਦਾ ਵੱਡਾ ਨੋਟਿਸ ਲਿਆ। ਵੈਨਕੂਵਰ ਸੰਨ ਨੇ ਡਾ: ਧਾਮੀ ਬਾਰੇ ਲਿਖਿਆ ਅਤੇ ਸੀ ਬੀ ਸੀ ਰੇਡੀਓ ਨੇ ਡਾ: ਧਾਮੀ ਨਾਲ ਇੰਟਰਵਿਊ ਬ੍ਰਾਡਕਾਸਟ ਕੀਤੀ। ਕਨੇਡਾ ਵਿੱਚ ਇਸ ਨਾਵਲ ਦੀ ਸਫਲਤਾ ਦੇ ਨਤੀਜੇ ਵਜੋਂ ਭਾਰਤ ਵਿੱਚ ਵੀ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ। ਕਈ ਅਖਬਾਰਾਂ ਅਤੇ ਰਸਾਲਿਆਂ ਨੇ ਇਸ ਬਾਰੇ ਰਿਵਿਊ ਲਿਖੇ। ਇਸ ਤਰ੍ਹਾਂ ਇਹ ਨਾਵਲ ਪੰਜਾਬੀ ਸਾਹਿਤ ਜਗਤ ਦਾ ਇਕ ਮਹੱਤਵਪੂਰਨ ਅੰਗ ਬਣ ਗਿਆ। ਇਸ ਨਾਵਲ ਨੂੰ ਪੰਜਾਬੀਆਂ ਵਲੋਂ ਮਿਲੇ ਭਰਵੇਂ ਹੁੰਗਾਰੇ ਨੇ ਡਾ: ਸਾਧੂ ਸਿੰਘ ਧਾਮੀ ਨੂੰ ਬਹੁਤ ਉਤਸ਼ਾਹਿਤ ਕੀਤਾ ਅਤੇ ਉਹਨਾਂ ਨੇ ਫਰਵਰੀ 1989 ਵਿੱਚ ਨਾਵਲ ਮਲੂਕਾ ਦਾ ਦੂਸਰਾ ਹਿੱਸਾ ਅੰਗਰੇਜ਼ੀ ਵਿੱਚ ਲਿਖਿਆ। ਇਸ ਹਿੱਸੇ ਦਾ ਅਨੁਵਾਦ ਡਾ: ਸਾਧੂ ਸਿੰਘ (ਪੀ ਏ ਯੂ) ਨੇ ਕੀਤਾ ਅਤੇ ਸੰਨ 1993 ਵਿੱਚ ਨਾਵਲ ਮਲੂਕਾ ਦੇ ਦੋਵੇਂ ਹਿੱਸਿਆਂ ਨੂੰ ਇਕੱਠਿਆਂ ਕਰ ਕੇ ਇਕ ਨਾਵਲ ਦੇ ਰੂਪ ਵਿੱਚ ਪੰਜਾਬੀ ਆਰਟ ਐਸੋਸੀਏਸ਼ਨ ਐਡਮੰਟਨ ਨੇ ਅੰਗਦ ਪਬਲੀਕੇਸ਼ਨਜ਼ ਦੇ ਸਹਿਯੋਗ ਨਾਲ ਪ੍ਰਕਾਸ਼ਤ ਕੀਤਾ। ਜਿਵੇਂ ਪਹਿਲਾ ਦੱਸਿਆ ਗਿਆ ਹੈ ਕਿ ਨਾਵਲ ਮਲੂਕਾ ਤੋਂ ਬਿਨਾਂ ਡਾ: ਧਾਮੀ ਲਗਾਤਾਰ ਫਿਲਾਸਫੀ ਨਾਲ ਸੰਬੰਧਤ ਆਰਟੀਕਲ ਵੀ ਲਿਖਦੇ ਰਹੇ ਸਨ। ਉਹਨਾਂ ਦੀ ਗੁਰੂ ਨਾਨਕ ਬਾਰੇ ਅੰਗਰੇਜ਼ੀ ਵਿੱਚ ਲਿਖੀ ਇਕ ਕਿਤਾਬ "ਗੁਰੂ ਨਾਨਕ ਪੋਇਟ ਐਂਡ ਫਿਲਾਸਫਰ" ਥਰਡ ਆਈ ਪਬਲੀਕੇਸ਼ਨ, ਲੰਡਨ, ਉਨਟੇਰੀਓ ਦੇ ਨਵਤੇਜ ਭਾਰਤੀ ਹੁਰਾਂ ਛਾਪੀ।

ਮੌਤ

ਸੰਨ 1997 ਵਿੱਚ ਡਾ: ਸਾਧੂ ਸਿੰਘ ਧਾਮੀ ਦਾ ਜਨੇਵਾ, ਸਵਿਟਜ਼ਲੈਂਡ ਵਿੱਚ ਦੇਹਾਂਤ ਹੋ ਗਿਆ। ਉਸ ਸਮੇਂ ਉਹ ਇਕਨੰਵੇਂ ਸਾਲਾਂ ਦੇ ਸਨ।

ਹਵਾਲੇ