ਰਮਜ਼ਾਨ ਦੇ ਮੌਕੇ ਘੱਟ ਕੀਮਤ 'ਤੇ ਵੇਚ ਰਿਹਾ ਸਮਾਨ
ਪਾਕਿਸਤਾਨ- ਰਮਜ਼ਾਨ ਦੇ ਮੌਕੇ ਸਿਖਾਂ ਵੱਲੋਂ ਪਾਕਿਸਤਾਨ ਵਿਚ ਮੁਸਲਮਾਨਾਂ ਲਈ ਦਰਿਆਦਿਲੀ ਦਿਖਾ ਭਾਈਚਾਰਕ ਸਾਂਝ ਦੀ ਪੇਸ਼ਕੇਸ਼ ਕੀਤੀ ਜਾ ਰਹੀ ਹੈ, ਜਿਸ ਸਦਕਾ ਸਿਖਾਂ ਦਾ ਮਾਨ ਹੋਰ ਵੱਧ ਗਿਆ ਹੈ। ਦਰਅਸਲ ਪਾਕਿਸਤਾਨ ਦੇ ਕਬਾਇਲੀ ਜ਼ਿਲੇ ਵਿਚ ਇੱਕ ਸਿੱਖ ਕਾਰੋਬਾਰੀ ਵੱਲੋਂ ਮੁਸਲਮਾਨਾਂ ਨੂੰ ਸਰਕਾਰ ਵੱਲੋਂ ਨਿਰਧਾਰਿਤ ਕੀਮਤ ਤੋਂ ਵੀ ਘੱਟ ਕੀਮਤ 'ਤੇ ਸਮਾਨ ਵੇਚਿਆ ਜਾ ਰਿਹਾ ਹੈ।
ਦਰਅਸਲ ਖੈਬਰ ਪਖਤੂਨਵਾ ਦੇ ਜ਼ਮਰੂਦ ਤਹਿਸੀਲ ਵਿਚ ਨਾਰੰਜ ਸਿੰਘ ਨੇ ਦੁਕਾਨ ਖੋਲੀ ਹੈ ਤੇ ਉਹ ਰਮਜ਼ਾਨ ਦੇ ਪਵਿੱਤਰ ਮਹੀਨੇ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਲੋੜੀਂਦੀਆਂ ਵਸਤਾਂ ਦੀ ਖਰੀਦਾਰੀ ਤੇ ਭਾਰੀ ਛੋਟ ਦੇ ਰਿਹਾ ਹੈ। ਨਾਰੰਜ ਸਿੰਘ ਖਾਧ ਵਸਤਾਂ ਨੂੰ ਅਸਲ ਕੀਮਤ ਤੋਂ ਵੀ 30 ਰੁਪਏ ਘੱਟ ਦੇ ਹਿਸਾਬ ਨਾਲ ਵੇਚ ਰਿਹਾ ਹੈ।
ਦੁਕਾਨਦਾਰ ਨਾਰੰਜ ਸਿੰਘ ਦਾ ਕਹਿਣਾ ਹੈ ਕਿ ਉਹ ਇਸਨੂੰ ਚੈਰਿਟੀ ਮੰਨਦੇ ਹਨ ਅਤੇ ਉਹ ਮੁਸਲਮਾਨਾਂ ਤੇ ਸਿੱਖ ਭਾਈਚਾਰੇ ਦੀ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੁੰਦੇ ਹਨ। ਦੱਸ ਦਈਏ ਕਿ ਨਾਰੰਜ ਸਿੰਘ ਵੱਲੋਂ ਦਿਖਾਈ ਜਾ ਰਹੀ ਇਸ ਦਰਿਆਦਿਲੀ ਨੇ ਮੁਸਲਿਮ ਭਾਈਚਾਰੇ ਦਾ ਦਿਲ ਜਿੱਤ ਲਿਆ ਹੈ ਅਤੇ ਪੂਰੇ ਇਲਾਕੇ ਵਿਚ ਉਸਦੀ ਤਾਰੀਫ਼ ਹੋ ਰਹੀ ਹੈ।