ਜਲੰਧਰ, ਬਠਿੰਡਾ, ਮੋਗਾ ਦੇ ਏਜੰਟਾਂ ਨੇ ਆਇਲੈਟਸ ਕੋਚਿੰਗ ਸੈਂਟਰ ਕੀਤੇ ਬੰਦ
ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਪਿਛਲੇ ਸਾਲ ਤੋਂ ਨਿੱਜਰ ਕਤਲ ਕਾਂਡ ਤੇ ਮੁੱਠੀ ਭਰ ਗਰਮਖਿਆਲੀਆਂ ਕਰ ਕੇ ਭਾਰਤ-ਕੈਨੇਡਾ ਸਰਕਾਰਾਂ ’ਚ ਪੈਦਾ ਹੋਈ ਕੁੱੜਤਣ ਨੇ ਦੋਆਬਾ ਤੇ ਮਾਲਵਾ ਦੇ ਪ੍ਰਵਾਰਾਂ ਦੇ ਕੈਨੇਡਾ ਜਾਣ ਦੇ ਸੁਪਨਿਆਂ ’ਤੇ ਅਜਿਹੀ ਡੂੰਘੀ ਸੱਟ ਮਾਰੀ ਹੈ ਕਿ ਪੰਜਾਬ ਦੇ ਹਜ਼ਾਰਾਂ ਏਜੰਟਾਂ ਦਾ ਕਾਰੋਬਾਰ ਹੀ ਬੰਦ ਕਰ ਦਿਤਾ ਹੈ। ਜਲੰਧਰ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਸਮੇਤ ਮਾਲਵਾ ਦੇ ਬਠਿੰਡਾ, ਸੰਗਰੂਰ, ਮੋਗਾ ਤੋਂ ਪ੍ਰਾਪਤ ਜਾਣਕਾਰੀਆਂ ਮੁਤਾਬਕ ਆਇਲੈਟਸ ਕੋਚਿੰਗ ਸੈਂਟਰ ਅਤੇ ਵੀਜ਼ਾ ਏਜੰਟਾਂ ਦਾ ਕਾਨੂੰਨੀ ਤੇ ਗ਼ੈਰ ਕਾਨੂੰਨੀ ਧੰਦਾ ਬੰਦ ਹੋ ਗਿਆ ਹੈ ਜਿਨ੍ਹਾਂ ਪਿਛਲੇ 20 ਕੁ ਸਾਲਾਂ ਤੋਂ ਕੈਨੇਡਾ ਦੇ ਟੋਰਾਂਟੋ ਤੇ ਵੈਨਕੂਵਰ ’ਚ ਸਥਿਤ ਕਾਲਜਾਂ ਤੇ ਇੰਸਟੀਚਿਊਟਾਂ ਸਮੇਤ ਯੂਨੀਵਰਸਿਟੀਆਂ ਨਾਲ ਵੀ ਵਿਦਿਆਰਥੀ ਦਾਖ਼ਲਿਆਂ ਲਈ ਚੰਗੇ ਸਬੰਧ ਬਣਾਏ ਹੋਏ ਸਨ।
ਜਾਣਕਾਰ ਤੇ ਤਜ਼ਰਬੇਕਾਰ ਕੈਨੇਡਾ ’ਚ ਵਿਜ਼ਟਿੰਗ ਪ੍ਰੋਫ਼ੈਸਰ ਦਲਜੀਤ ਨਿਰਮਾਨ ਦਾ ਕਹਿਣਾ ਹੈ ਕਿ ਵਿਦੇਸ਼ੀ ਸਰਕਾਰ ਨੇ ਏਜੰਸੀਆਂ ਤੋਂ ਜਾਣ ਵਾਲੇ ਵਿਦਿਆਰਥੀਆਂ ਲਈ ‘ਗਰੰਟੀ ਰਾਸ਼ੀ’ ਨੂੰ 10,000 ਡਾਲਰ ਤੋਂ ਵਧਾ ਕੇ 20,635 ਡਾਲਰ ਕਰ ਦਿਤਾ ਹੈ। ਦੂਜਾ ‘ਸਟੂਡੈਂਟ ਪਰਮਿਟ ਵੀਜ਼ਾ’ ਦੇਣਾ ਵੀ ਸਿਰਫ਼
10 ਫ਼ੀ ਸਦੀ ਯਾਨੀ 2 ਸਾਲਾਂ ਲਈ ਘਟਾ ਦਿਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੈਨੇਡਾ ਦੇ ਕਾਲਜਾਂ ਤੇ ਇੰਸਟੀਚਿਊਟਾਂ ਨੇ ਵਿਦਿਆਰਥੀਆਂ ਵਲੋਂ ਰੋਸ ਮੁਜ਼ਾਹਰੇ ਵੀ ਸਰਕਾਰ ਵਿਰੁਧ ਕਰਵਾਏ ਪਰ ਇਸ ਦਾ ਕੋਈ ਅਸਰ ਨਹੀਂ ਹੋਇਆ।
ਕੈਨੇਡਾ ’ਚ ਵਕੀਲ ਤੇ ਕਾਨੂੰਨਦਾਨ ਇਕ ਹੋਰ ਸੱਜਣ ਨੇ ਦਸਿਆ ਕਿ ਸਟੂਡੈਂਟ ਵੀਜ਼ਾ ਤੇ ਦਾਖ਼ਲੇ ਸਬੰਧੀ ਹੋਰ ਕਈ ਸ਼ਰਤਾਂ ਸਖ਼ਤ ਕਰਨ ਨਾਲ ਨਾ ਸਿਰਫ਼ ਵਿਦਿਆਰਥੀਆਂ ’ਤੇ ਹੀ ਮਾੜਾ ਅਸਰ ਪਿਆ ਹੈ ਬਲਕਿ ਹਜ਼ਾਰਾਂ ਉਨ੍ਹਾਂ ਪੰਜਾਬੀ ਵਿਦਿਆਰਥੀਆਂ ’ਤੇ ਵੀ ਹੋਇਆ ਹੈ ਜੋ ਡੇਢ ਤੋਂ 2 ਸਾਲ ਪਹਿਲਾਂ ਕੈਨੇਡਾ ’ਚ ਆਏ ਸਨ ਕਿਉਂਕਿ ਉਹ ਨਵੇਂ ਕੋਰਸਾਂ ’ਚ ਦਾਖ਼ਲਾ ਨਹੀਂ ਲੈ ਸਕਦੇ, ਸ਼ਰਤਾਂ ਹੋਰ ਸਖ਼ਤ ਕਰ ਦਿਤੀਆਂ।
ਜ਼ਿਕਰਯੋਗ ਹੈ ਕਿ ਪਿਛਲੇ 25-30 ਸਾਲਾਂ ਤੋਂ ਨੌਜਵਾਨ ਵਿਦਿਆਰਥੀ ਵਜੋਂ ਕੈਨੇਡਾ ਜਾਂਦੇ ਸਨ ਤੇ ਡਿਪਲੋਮਾ ਡਿਗਰੀ ਕਰ ਕੇ 3 ਸਾਲ ਦਾ ਵਰਕ ਪਰਮਿਟ ਤੇ ਫਿਰ ਪੱਕੀ ਰਿਹਾਇਸ਼ ਮਗਰੋਂ ਉਥੇ ਦੇ ਨਾਗਰਿਕ ਬਣ ਕੇ ਪ੍ਰਵਾਰਾਂ ਨੂੰ ਵੀ ਕੈਨੇਡਾ ’ਚ ਪਰਵਾਸ ਕਰਵਾ ਦਿੰਦੇ ਸਨ। ਜਲੰਧਰ ਦੇ ਜੈਨ ਓਵਰਸੀਜ਼, ਪਿਰਾਮਿਡ ਸਰਵਿਸ਼ਿਜ ਤੇ ਹੋਰ ਆਇਲੈਟ ਸੈਂਟਰਾਂ ਤੇ ਬਠਿੰਡਾ ’ਚ ਅਜੀਤ ਰੋਡ ’ਤੇ ਕੇਂਦਰਾਂ ਨੇ ਦਸਿਆ ਕਿ ਵਿਦਿਆਰਥੀਆਂ ਵਲੋਂ ਕੈਨੇਡਾ ’ਚ ਪੜ੍ਹਾਈ ਲਈ 70-80 ਫ਼ੀ ਸਦੀ ਦੀ ਕਮੀ ਆ ਗਈ ਹੈ। ਹੁਣ ਇਨ੍ਹਾਂ ਵਲੋਂ ਆਸਟਰੇਲੀਆ, ਅਮਰੀਕਾ, ਸਵਿਟਜ਼ਰਲੈਂਡ, ਜਰਮਨੀ, ਫ਼ਰਾਂਸ ਤੇ ਆਇਰਲੈਂਡ ਵਲ ਮੋੜਾ ਪੈਣਾ ਸ਼ੁਰੂ ਹੋ ਗਿਆ ਹੈ। ਕੈਨੇਡਾ ਵਲੋਂ ਉਸ ਦੇਸ਼ ’ਚ ਦਾਖ਼ਲੇ ਦੀਆਂ ਸਖ਼ਤ ਕੀਤੀਆਂ ਸ਼ਰਤਾਂ ਨੇ ਪੰਜਾਬੀਆਂ ਨੇ ਪਹਿਲਾਂ ‘‘ਡੰਕੀ ਰੂਟ’ ਅਪਣਾਇਆ, ਹੁਣ ‘ਖ਼ਾਲਿਸਤਾਨੀ ਤੇ ਵੱਖਵਾਦੀਆਂ’ ਦੇ ਤੌਰ ’ਤੇ ਸ਼ਰਨਾਰਥੀ ਵਜੋਂ ਜੋ ਢੰਗ ਕੱਢਿਆ ਸੀ, ਉਹੀ ਹੁਣ ਕਈ ਵਿਦਿਆਰਥੀਆਂ ਨੇ ਵੀ ਕੈਨੇਡਾ ਤੇ ਅਮਰੀਕਾ ਵਾਸਤੇ ਬਣਾ ਲਿਆ ਹੈ।
2023 ’ਚ ਕੈਨੇਡਾ ਨੇ 1,43,370 ਅਰਜ਼ੀਆਂ ਪ੍ਰਪਾਤ ਕੀਤੀਆਂ ਜਿਨ੍ਹਾਂ ਸ਼ਰਨਾਰਥੀ ਵਜੋਂ ਰਹਿਣਾ ਸੀ। ਉਥੇ ਦੀ ਪਾਰਲੀਮੈਂਟ ’ਚ ਪੇਸ਼ ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਇਨ੍ਹਾਂ ਪ੍ਰਾਰਥੀਆਂ ’ਚੋਂ 80 ਫ਼ੀ ਸਦੀ ਨੂੰ ਸ਼ਰਣ ਮਿਲ ਗਈ ਹੈ। ਅਮਰੀਕਾ ਦੀ ਪੁਲਿਸ ਕਸਟਮ ਬਾਰਡਰ ਵਿੰਗ ਵਲੋਂ ਪੇਸ਼ ਇਕ ਹੋਰ ਰਿਪੋਰਟ ’ਚ ਕਿਹਾ ਗਿਆ ਹੈ ਕਿ 43,764 ਵਿਅਕਤੀ ਕੈਨੇਡਾ ਸਰਹੱਦ ਤੋਂ ਅਮਰੀਕਾ ’ਚ ਦਾਖ਼ਲ ਹੋਏ ਹਨ ਜਿਨ੍ਹਾਂ ’ਚ 36,379 ਇਕੱਲੇ ਇਕੱਲੇ 7188 ਪ੍ਰਵਾਰਾਂ ਨਾਲ, 149 ਕੇਵਲ ਬੱਚੇ ਅਤੇ 149 ਵੱਡੇ ਬੱਚੇ ਸ਼ਾਮਲ ਹਨ।