ਸ੍ਰੀ ਮੈਟ ਐਲਟੋਨ ਸੰਪਾਦਕ ਬੀ.ਬੀ.ਸੀ. ਵਰਲਡ ਹਿਸਟਰੀਜ਼ ਮੈਗ਼ਜ਼ੀਨ ਵਲੋਂ 19ਵੀਂ ਸਦੀ ਤੋਂ ਲੈ ਕੇ 21ਵੀਂ ਸਦੀ ਦੇ ਰਾਜਿਆਂ ਸਬੰਧੀ ਚੋਣ
ਸ੍ਰੀ ਮੈਟ ਐਲਟੋਨ ਸੰਪਾਦਕ ਬੀ.ਬੀ.ਸੀ. ਵਰਲਡ ਹਿਸਟਰੀਜ਼ ਮੈਗ਼ਜ਼ੀਨ ਵਲੋਂ 19ਵੀਂ ਸਦੀ ਤੋਂ ਲੈ ਕੇ 21ਵੀਂ ਸਦੀ ਦੇ ਰਾਜਿਆਂ ਸਬੰਧੀ ਚੋਣ ਸਰਵੇਖਣ ਕਰਵਾਇਆ ਗਿਆ ਜਿਸ ਵਿਚ 5000 ਸਕਾਲਰਾਂ ਨੇ ਹਿੱਸਾ ਲਿਆ। ਇਸ ਵਿਚ ਸੰਸਾਰ ਪ੍ਰਸਿੱਧ ਮੈਥਿਊ ਲੋਕਵੁਡ, ਮਾਰਮਰੈਟ ਮੈਕਮਿਲਨ ਅਤੇ ਰਾਸ ਕੈਨਕੇ ਹਾਵਰਡ ਵਰਗੇ ਇਤਿਹਾਸਕਾਰਾਂ ਨੇ ਵੀ ਹਿੱਸਾ ਲਿਆ। ਇਸ ਦੀ ਰੀਪੋਰਟ 7 ਮਾਰਚ 2020 ਨੂੰ ਜਾਰੀ ਕੀਤੀ ਗਈ।
ਇਸ ਮੁਕਾਬਲੇ ਸਬੰਧੀ ਜਿਹੜੀਆਂ ਵੋਟਾਂ ਪਾਈਆਂ ਗਈਆਂ ਉਨ੍ਹਾਂ ਵਿਚ 381 ਵੋਟਾਂ ਮਹਾਰਾਜਾ ਰਣਜੀਤ ਸਿੰਘ, ਅਫ਼ਰੀਕਨ ਐਮੀਕਦਾਰ 25, ਕੈਬਰਲ ਤੀਜੇ ਨੰਬਰ, ਬਰਤਾਨੀਆਂ ਦੇ ਪ੍ਰਧਾਨ ਮੰਤਰੀ ਚਰਚਿਲ ਨੂੰ 7 ਅਤੇ ਜ਼ਨਾਨੀਆਂ ਵਿਚ ਇੰਗਲੈਂਡ ਦੀ ਮਹਾਰਾਣੀ ਐਲਜਾਬੈਥ (ਪਹਿਲੀ) ਨੂੰ 5 ਵੋਟਾਂ ਮਿਲੀਆਂ। ਇਸ ਆਧਾਰ 'ਤੇ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆਂ ਦਾ ਸੱਭ ਤੋਂ ਮਹਾਨ ਰਾਜਾ ਹੋਣਾ ਦਾ ਐਲਾਨ ਕੀਤਾ ਗਿਆ। ਜਿਸ ਨਾਲ ਸਿੱਖਾਂ ਦਾ ਨਹੀਂ ਸਗੋਂ ਪੰਜਾਬੀਆਂ ਦਾ ਸਿਰ ਵੀ ਸਾਰੀ ਦੁਨੀਆ ਵਿਚ ਉੱਚਾ ਹੋਇਆ ਹੈ।
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਨਵੰਬਰ 1780 ਨੂੰ ਮਿਸਲ ਸ਼ੁਕਰਚਕਰੀਆ ਦੇ ਸਰਦਾਰ ਮਹਾਂ ਸਿੰਘ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਹੋਇਆ। ਪ੍ਰਸਿੱਧ ਵਿਦਵਾਨ ਸ੍ਰੀ ਕਨਿੰਘਮ ਦੇ ਸ਼ਬਦਾਂ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਉਦੋਂ ਪੰਜਾਬ ਦੀ ਵਾਗਡੋਰ ਸੰਭਾਲੀ ਜਦੋਂ ਮਿਸਲ ਸਰਦਾਰਾਂ ਦੀ ਫੁੱਟ ਕਾਰਨ ਪੰਜਾਬ ਰਸਾਤਲ ਵਲ ਜਾ ਰਿਹਾ ਸੀ ਅਤੇ ਅਫ਼ਗਾਨਾਂ ਦਾ ਡਰਾਇਆ ਹੋਇਆ ਪੰਜਾਬ ਫ਼ਿਰੰਗੀਆਂ ਦੀ ਅਧੀਨਗੀ ਕਬੂਲਣ ਵਾਲਾ ਸੀ।
ਅਜੇ ਮਹਾਰਾਜਾ ਸਿਰਫ਼ 12 ਸਾਲ ਦੇ ਸਨ ਜਦੋਂ ਉਨ੍ਹਾਂ ਦਾ ਪਿਤਾ ਸ. ਮਹਾਂ ਸਿੰਘ ਦਾ ਸਵਰਗਵਾਸ ਹੋ ਗਿਆ ਪਰ ਮਹਾਰਾਜਾ ਨੇ ਹੌਸਲਾ ਨਾ ਹਾਰਿਆ ਸਗੋਂ ਉਨ੍ਹਾਂ ਨੇ ਅਪਣੀ ਤੀਖ਼ਣ ਬੁਧੀ ਦਾ ਵਿਖਾਵਾ ਕੀਤਾ ਅਤੇ ਜੋਸ਼ ਵਿਚ ਮੁਗ਼ਲਾਂ ਨੂੰ ਹਰਾ ਕੇ ਸਿੱਖ ਰਾਜ ਦੀ ਸਥਾਪਨਾ ਕੀਤੀ। ਮਹਾਰਾਜਾ ਰਣਜੀਤ ਸਿੰਘ ਨੂੰ ਅਪ੍ਰੈਲ 11, 1801 ਨੂੰ ਵਿਸਾਖੀ ਵਾਲੇ ਦਿਨ ਲਾਹੌਰ ਵਿਚ ਮਹਾਰਾਜੇ ਦੀ ਉਪਾਧੀ ਬਾਬਾ ਸਾਹਿਬ ਸਿੰਘ ਬੇਦੀ ਵਲੋਂ ਦਿਤੀ ਗਈ।
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਿੱਬਤ ਤੋਂ ਸਿੰਧ ਅਤੇ ਖ਼ੈਬਰ ਤੋਂ ਰੋਪੜ (ਸਤਲੁਜ) ਤਕ ਫੈਲਿਆ ਹੋਇਆ ਸੀ। ਉਹ ਇਕ ਚੰਗੇ ਪ੍ਰਸ਼ਾਸਕ, ਚੰਗੇ ਨੀਤੀਵਾਨ, ਦਿਆਲੂ ਤੇ ਧਰਮ ਨਿਰਲੇਪਤਾ ਦੀ ਮੂਰਤ ਸਨ। ਮਹਾਰਾਜਾ ਦੀ ਉਦਾਰ ਨੀਤੀ ਬਾਰੇ ਮਿਸਟਰ ਐਚ.ਈ. ਫ਼ੈਨ ਜਿਹੜੇ ਕਿ ਅੰਗਰੇਜ਼ ਕਮਾਂਡਰ ਇਨ ਚੀਫ਼ ਦੇ ਸਕੱਤਰ ਸਨ ਕਹਿੰਦੇ ਹਨ ਕਿ, ''ਮਹਾਰਾਜਾ ਸਾਹਿਬ ਨੂੰ ਉਸ ਦੀ ਜਨਤਾ ਬੜਾ ਉਦਾਰਵਾਦੀ ਰਾਜਾ ਮੰਨਦੀ ਸੀ ਅਤੇ ਉਹ ਪਿਛਲੇ ਸਾਰੇ ਰਾਜਿਆਂ ਵਿਚ ਸੱਭ ਤੋਂ ਪਿਆਰਾ ਅਤੇ ਚੰਗਾ ਹੁਕਮਰਾਨ ਸੀ।''
ਮਹਾਰਾਜੇ ਦੇ ਰਾਜ ਸਮੇਂ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਆਏ ਜਿਨ੍ਹਾਂ ਨੇ ਮਹਾਰਾਜੇ ਦੀ ਬਹੁਤ ਹੀ ਸਿਫ਼ਤ ਕੀਤੀ। ਮਹਾਰਾਜੇ ਨੂੰ ਮਿਲਣ ਆਇਆ ਹਰ ਸੈਲਾਨੀ ਉਸ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਤ ਹੁੰਦਾ। ਅਲੈਗਜ਼ੈਂਡਰ ਬਰਨਜ਼ ਲਿਖਦਾ ਹੈ ਕਿ ''ਮੈਂ ਏਸ਼ੀਆ ਦੇ ਕਿਸੇ ਵੀ ਬੰਦੇ ਨੂੰ ਮਿਲ ਕੇ ਏਨਾ ਪ੍ਰਭਾਵਤ ਨਹੀਂ ਹੋਇਆ ਜਿੰਨਾ ਮਹਾਰਾਜਾ ਰਣਜੀਤ ਸਿੰਘ ਨੂੰ ਮਿਲ ਕੇ ਹੋਇਆ ਹਾਂ।''
ਮਹਾਰਾਜਾ ਰਣਜੀਤ ਸਿੰਘ ਪੱਕੇ ਨਿਤਨੇਮੀ ਅਤੇ ਪੂਰਨ ਗੁਰਸਿੱਖ ਸਨ ਪਰ ਰਾਜਾ ਹੋਣ ਦੀ ਸੂਰਤ ਵਿਚ ਉਨ੍ਹਾਂ ਦੀ ਨਜ਼ਰ ਵਿਚ ਸਿੱਖ, ਹਿੰਦੂ ਅਤੇ ਮੁਸਲਮਾਨ ਬਰਾਬਰ ਸਨ। ਮਹਾਰਾਜਾ ਸਾਹਬ ਨੇ ਜਿਥੇ ਲਾਹੌਰ ਨੂੰ ਰਾਜਨੀਤਕ ਰਾਜਧਾਨੀ ਬਣਾਇਆ, ਉਥੇ ਅੰਮ੍ਰਿਤਸਰ ਨੂੰ ਧਾਰਮਕ ਰਾਜਧਾਨੀ ਬਣਾਇਆ।
ਮਹਾਰਾਜੇ ਦੇ ਰਾਜ ਵਿਚ ਹਿੰਦੂ ਵੀ ਬਹੁਤ ਖ਼ੁਸ਼ ਸਨ। ਇਕ ਵਾਰ ਇਕ ਹਿੰਦੂ ਮੋਹਨ ਲਾਲ ਇਰਾਨ ਦੀ ਯਾਤਰਾ 'ਤੇ ਗਿਆ ਤਾਂ ਜਦੋਂ ਇਰਾਨ ਦੇ ਸਹਿਜ਼ਾਦਾ ਅੱਬਾਸ ਮਿਰਜ਼ਾ ਨੇ ਪੁਛਿਆ ਕਿ ''ਕੀ ਮਹਾਰਾਜੇ ਦੇ ਦਰਬਾਰ ਦੀ ਸ਼ਾਨ ਉਸ ਦੇ ਦਰਬਾਰ ਦੇ ਬਰਾਬਰ ਹੈ?''
ਤਾਂ ਮੋਹਨ ਲਾਲ ਕਹਿਣ ਲੱਗਾ ਕਿ ''ਮਹਾਰਾਜੇ ਦੇ ਦਰਬਾਰ ਦੀ ਸ਼ਾਨ ਤੁਹਾਡੇ ਦਰਬਾਰ ਨਾਲੋਂ ਕਿਤੇ ਵੱਧ ਸੋਹਣੀ ਹੈ'' ਅਤੇ ਜਦੋਂ ਉਸ ਨੇ ਪੁਛਿਆ ਕਿ ''ਉਸ ਦੀਆਂ ਫ਼ੌਜਾਂ ਦਾ ਕੀ ਹਾਲ ਹੈ?'' ਤਾਂ ਮੋਹਨ ਲਾਲ ਨੇ ਕਿਹਾ ਕਿ ''ਜੇਕਰ ਕਿਤੇ ਮਹਾਰਾਜੇ ਦਾ ਫ਼ੌਜੀ ਜਰਨੈਲ ਹਰੀ ਸਿੰਘ ਨਲੂਆ ਇਥੇ ਆ ਜਾਵੇ ਤਾਂ ਤੁਹਾਡੇ ਫ਼ੌਜੀ ਉਸ ਨੂੰ ਵੇਖ ਕੇ ਹੀ ਭੱਜ ਜਾਣਗੇ।'' ਮਹਾਰਾਜੇ ਦੀ ਸ਼ਖ਼ਸੀਅਤ ਏਨੀ ਪ੍ਰਭਾਵਸ਼ਾਲੀ ਸੀ ਕਿ ਹਰ ਵਿਅਕਤੀ ਉਨ੍ਹਾਂ ਤੋਂ ਪ੍ਰਭਾਵਤ ਹੋਏ ਬਿਨਾਂ ਨਹੀਂ ਸੀ ਰਹਿ ਸਕਦਾ। ਉਨ੍ਹਾਂ ਦੀ ਸਖ਼ਸ਼ੀਅਤ ਬਾਰੇ ਐਲਗਜ਼ੈਂਡਰ ਬਰਕ ਖ਼ੁਦ ਲਿਖਦਾ ਹੈ ਕਿ ਉਹ ਇਕ ਅਜਿਹੇ ਵਿਅਕਤੀ ਸਨ
ਜਿਨ੍ਹਾਂ ਦੇ ਕਦਮ ਕਮਾਯਾਬੀ ਖ਼ੁਦ ਆ ਕੇ ਚੁੰਮਦੀ ਸੀ। ਉਹ ਜਿਧਰ ਵੀ ਗਏ, ਜਿੱਤ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਮਿਲਟਨ ਦੇ ਵੀ ਅਜਿਹੇ ਹੀ ਵਿਚਾਰ ਹਨ। ਗੱਲ ਕਾਹਦੀ ਕਿ ਉਹ ਇਕ ਅਨੋਖੀ ਸਖ਼ਸ਼ੀਅਤ ਸਨ। ਉਨ੍ਹਾਂ ਵਲੋਂ ਅਪਣੇ ਜਰਨੈਲਾਂ ਨੂੰ ਹੁਕਮ ਸੀ ਕਿ ਜਦੋਂ ਕੋਈ ਹਾਰ ਜਾਂਦਾ ਹੈ ਤਾਂ ਉਸ ਨਾਲ ਠੀਕ ਸਲੂਕ ਕੀਤਾ ਜਾਵੇ ਅਤੇ ਉਥੋਂ ਦੀ ਜਨਤਾ ਨੂੰ ਤੰਗ ਨਾ ਕੀਤਾ ਜਾਵੇ ਅਤੇ ਨਾ ਹੀ ਕਿਸੇ ਔਰਤ ਦੀ ਬੇਇਜ਼ਤੀ ਕੀਤੀ ਜਾਵੇ।
ਮਹਾਰਾਜਾ ਸਾਹਬ ਨੇ ਤਲਵਾਰ ਦੇ ਜ਼ੋਰ ਨਾਲ ਰਾਜ ਦੀ ਸਥਾਪਨਾ ਕੀਤੀ ਅਤੇ ਉਦੋਂ ਕੀਤੀ ਜਦੋਂ ਅਫ਼ਗਾਨਾਂ ਅਤੇ ਮੁਗ਼ਲਾਂ ਦਾ ਰਾਜ ਸੀ। ਉਨ੍ਹਾਂ ਦੀ ਅਪਣੀ ਸਰਕਾਰ ਦਾ ਨਾਂ ਖ਼ਾਲਸਾ ਸਰਕਾਰ ਸੀ ਤੇ ਜਿਥੇ ਬਹਿ ਕੇ ਉਹ ਨਿਆਂ ਕਰਦੇ ਸਨ ਉਸ ਦਾ ਨਾਂ ਦਰਬਾਰ-ਏ-ਖ਼ਾਲਸਾ ਰਖਿਆ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ ਪਰ ਉਸ ਦੇ ਰਾਜ ਵਿਚ ਸਾਰਿਆਂ ਨੂੰ ਬਰਾਬਰ ਦਾ ਸਤਿਕਾਰ ਅਤੇ ਪਿਆਰ ਮਿਲਿਆ। ਉਹ ਕਿਸੇ ਨੂੰ ਅਹੁਦਾ ਧਰਮ ਵੇਖ ਕੇ ਨਹੀਂ, ਸਗੋਂ ਉਸ ਦੀ ਲਿਆਕਤ ਵੇਖ ਕੇ ਦੇਂਦੇ ਸਨ।
ਭਾਵੇਂ ਮਹਾਰਾਜਾ ਦੇ ਰਾਜ ਵਿਚ ਸਿਰਫ਼ 7 ਫ਼ੀ ਸਦੀ ਸਿੱਖ ਸਨ ਜਦਕਿ 93 ਫ਼ੀ ਸਦੀ ਹਿੰਦੂ ਅਤੇ ਮੁਸਲਮਾਨ ਸਨ ਪਰ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸੀ। ਜੇਕਰ ਅਸੀ ਮੋਦੀ ਸਾਹਿਬ ਦੀ ਗੱਲ ਕਰੀਏ ਤਾਂ ਮੋਦੀ ਸਾਹਿਬ ਨੂੰ ਰਾਜ ਕੋਈ ਤਲਵਾਰ ਨਾਲ ਨਹੀਂ ਮਿਲਿਆ ਸਗੋਂ ਉਨ੍ਹਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹੈ। ਉਨ੍ਹਾਂ ਨੂੰ ਚੁਣਨ ਵਾਲਿਆਂ ਵਿਚ ਸਿੱਖ, ਮੁਸਲਮਾਨ, ਇਸਾਈ ਅਤੇ ਹਿੰਦੂ ਸ਼ਾਮਲ ਹਨ ਪਰ ਜਦੋਂ ਮੋਦੀ ਸਾਹਿਬ ਨੇ ਸਹੁੰ ਖਾਧੀ
ਤਾਂ ਉਸ ਵੇਲੇ ਉਨ੍ਹਾਂ ਨੂੰ ਪੱਤਰਕਾਰਾਂ ਨੇ ਪੁਛਿਆ ਕਿ ਕੀ ਤੁਸੀ ਰਾਸ਼ਟਰਵਾਦੀ ਹਿੰਦੂ ਹੋ ਤਾਂ ਮੋਦੀ ਸਾਹਿਬ ਕਹਿਣ ਲੱਗੇ ਕਿ ਨਹੀਂ ਮੈਂ ਹਿੰਦੂ ਰਾਸ਼ਟਰਵਾਦੀ ਹਾਂ। ਜਿਸ ਤੋਂ ਸਾਫ਼ ਸੀ ਕਿ ਉਹ ਪਹਿਲਾਂ ਹਿੰਦੂ ਹਨ ਅਤੇ ਬਾਅਦ ਵਿਚ ਰਾਸ਼ਟਰਵਾਦੀ ਹਨ। ਜਿਉਂ ਹੀ ਮੋਦੀ ਦਾ ਰਾਜ ਸਥਾਪਤ ਹੋਇਆ ਤਾਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇਕ ਨੇਤਾ ਸ੍ਰੀ ਅਸ਼ੋਕ ਸਿੰਘਲ ਨੇ ਕਿਹਾ ਕਿ 900 ਸਾਲ ਬਆਦ ਹਿੰਦੂ ਰਾਜ ਆਇਆ ਹੈ। ਹਿੰਦੂ ਰਾਜ ਤਾਂ ਇਹ ਤਦ ਹੁੰਦਾ ਜੇਕਰ ਮੋਦੀ ਸਾਹਿਬ ਤਲਵਾਰ ਦੇ ਜ਼ੋਰ ਨਾਲ ਰਾਜ ਲੈਂਦੇ। ਇਹ ਤਾਂ ਲੋਕਾਂ ਦੀਆਂ ਵੋਟਾਂ ਨਾਲ ਸਰਕਾਰ ਬਣੀ। ਫਿਰ ਇਹ ਕਿਸ ਤਰ੍ਹਾਂ ਹਿੰਦੂ ਰਾਜ ਹੋ ਗਿਆ?
ਮਹਾਰਾਜਾ ਰਣਜੀਤ ਸਿੰਘ ਦੇ 40 ਸਾਲਾਂ ਦੇ ਰਾਜ ਵਿਚ ਕਿਸੇ ਨੂੰ ਵੀ ਫਾਂਸੀ ਨਹੀਂ ਸੀ ਦਿਤੀ ਗਈ ਅਤੇ ਨਾ ਹੀ ਕਿਸੇ ਨਾਲ ਕੋਈ ਬੇਇਨਸਾਫ਼ੀ ਹੋਈ। ਮਹਾਰਾਜਾ ਵਲੋਂ ਹੁਕਮ ਸੀ ਕਿ ਕੋਈ ਸਰਕਾਰ ਕਿਸੇ ਨਾਲ ਕੋਈ ਜ਼ਿਆਦਤੀ ਨਹੀਂ ਕਰੇਗੀ। ਕੋਈ ਕਿਸੇ ਜ਼ਮੀਨ ਅਤੇ ਮਕਾਨ ਆਦਿ 'ਤੇ ਕਬਜ਼ਾ ਨਹੀਂ ਕਰੇਗਾ। ਮਹਾਰਾਜਾ ਦੇ 40 ਸਾਲ ਦੇ ਰਾਜ ਵਿਚ ਨਾ ਕਿਸੇ ਦੀ ਧਾਰਮਕ ਅਸਥਾਨ ਦੀ ਬੇਅਦਬੀ ਹੋਈ ਤੇ ਨਾ ਹੀ ਕਿਸੇ ਦਾ ਧਰਮ ਪਰਿਵਰਤਨ ਹੋਇਆ ਪਰ ਮੋਦੀ ਸਾਹਿਬ ਦੇ ਰਾਜ ਵਿਚ ਜਿਸ ਤਰ੍ਹਾਂ ਘੱਟ ਗਿਣਤੀਆਂ 'ਤੇ ਤਸ਼ੱਦਦ ਹੋ ਰਿਹਾ ਹੈ, ਉਹ ਸੱਭ ਦੇ ਸਾਹਮਣੇ ਹੈ।
ਕਿਸ ਤਰ੍ਹਾਂ 370 ਧਾਰਾ ਖ਼ਤਮ ਕਰ ਦਿਤੀ ਗਈ, ਤਿੰਨ ਤਲਾਕ ਦਾ ਭੋਗ ਪਾ ਦਿਤਾ ਗਿਆ। ਐਨ.ਆਰ.ਸੀ. ਬਿਲ ਪਾਸ ਹੋ ਗਿਆ ਹੈ, ਜਿਸ ਵਿਰੁਧ ਮੁਸਲਮਾਨਾਂ ਨੇ ਕਈ ਮਹੀਨੇ ਸੰਘਰਸ਼ ਕੀਤਾ ਪਰ ਨਤੀਜਾ ਸਿਫ਼ਰ ਹੀ ਹੈ। ਮਸਜਿਦ ਦੀ ਥਾਂ ਮੰਦਰ ਉਸਾਰਿਆ ਜਾ ਰਿਹਾ ਹੈ। ਸਿੱਖਾਂ ਤੋਂ ਉੜੀਸਾ ਵਿਚ ਜਗ੍ਹਾ ਖੋਹਣ ਦੀਆਂ ਤਿਆਰੀਆਂ ਹਨ। ਮੇਘਾਲਿਆ ਵਿਚ ਸਿੱਖਾਂ ਦੀ ਆਬਾਦੀ ਵਾਲੀ ਜਗ੍ਹਾ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਗੁਜਰਾਤ ਵਿਚ ਸਿੱਖਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ।
ਹਰਿਦੁਆਰ ਵਿਚ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਬਣੇ ਗੁਰਦਵਾਰਾ ਗੋਦੜੀ ਸਾਹਿਬ ਵਾਲੀ ਜਗ੍ਹਾ ਖ਼ਾਲੀ ਨਹੀਂ ਕੀਤੀ ਜਾ ਰਹੀ। ਸਿੱਖਾਂ ਨੂੰ ਦਿੱਲੀ ਵਿਚ ਪੁਲਿਸ ਵਲੋਂ ਦੋ ਪਿਉ-ਪੁੱਤਾਂ ਨੂੰ ਕੁਟਿਆ ਗਿਆ। ਰਾਜਸਥਾਨ, ਹਰਿਆਣਾ ਅਤੇ ਹਿਮਾਚਲ ਵਿਚ ਸਿੱਖਾਂ ਦੀ ਬੇਇੱਜ਼ਤੀ ਕੀਤੀ ਗਈ। ਹੁਣੇ ਹੁਣੇ ਫਿਰ ਹਰਿਆਣੇ ਵਿਚ ਇਕ ਬਜ਼ੁਰਗ ਸਿੱਖ ਉਸ ਦੀ ਪਤਨੀ ਅਤੇ ਦੋ ਬੇਟੀਆਂ 'ਤੇ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ ਅਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ ਜਿਸ ਦਾ ਉਥੋਂ ਦੀ ਸਿੱਖ ਸੰਗਤ ਵਲੋਂ ਵਿਰੋਧ ਕੀਤਾ ਗਿਆ।
ਹਰਿਆਣੇ ਦਾ ਮੁੱਖ ਮੰਤਰੀ ਇਕ ਗੁਰਦਵਾਰੇ ਵਿਚ ਸੰਤ ਜਰਨੈਲ ਸਿੰਘ ਦੀ ਫ਼ੋਟੋ ਲੱਗੀ ਹੋਣ ਕਰ ਕੇ ਵਾਪਸ ਚਲਾ ਗਿਆ, ਜਿਸ ਕਾਰਨ ਸਿੱਖ ਸੰਗਤ ਨੂੰ ਭਾਰੀ ਨਮੋਸ਼ੀ ਹੋਈ। ਹਰਿਆਣੇ ਵਿਚ ਇਕ ਹੋਰ ਮੰਤਰੀ ਨੇ ਸਿੱਖਾਂ ਨੂੰ ਗਾਲਾਂ ਕੱਢੀਆਂ, ਜਿਸ ਬਾਰੇ ਅਖ਼ਬਾਰਾਂ ਵਿਚ ਖ਼ਬਰਾਂ ਛਪੀਆਂ। ਪਹਿਲਾਂ ਕਾਂਗਰਸ ਘੱਟ ਗਿਣਤੀਆਂ ਨਾਲ ਇਹੋ ਸੱਭ ਕੁੱਝ ਕਰਦੀ ਰਹੀ ਅਤੇ ਅੱਜ ਮੋਦੀ ਸਰਕਾਰ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਜਦੋਂ ਮੋਦੀ ਸਾਹਿਬ ਗੁਜਰਾਤ ਦੇ ਮੁੱਖ ਮੰਤਰੀ ਸਨ ਉਦੋਂ ਵੀ ਮੁਸਲਮਾਨਾਂ ਦਾ ਘਾਣ ਕੀਤਾ ਗਿਆ ਸੀ। ਉਦੋਂ ਸਵਰਗਵਾਸੀ ਸ੍ਰੀ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਕਿ ਆਪ ਨੇ ਰਾਜ ਧਰਮ ਨਹੀਂ ਨਿਭਾਇਆ।
ਮਹਾਰਾਜਾ ਸਾਹਿਬ ਵੇਲੇ ਇਕ ਵਾਰ ਅਨਾਜ ਦਾ ਕਾਲ ਪੈ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਸਰਕਾਰੀ ਗੁਦਾਮਾਂ ਦੇ ਬੂਹੇ ਲੋਕਾਂ ਲਈ ਖੋਲ੍ਹ ਦਿਤੇ। ਜਿੰਨਾ ਕਿਸੇ ਨੂੰ ਲੋੜ ਸੀ ਉਹ ਓਨਾ ਲਿਜਾ ਸਕਦਾ ਸੀ। ਇਥੋਂ ਤਕ ਕਿ ਇਕ ਬਜ਼ੁਰਗ ਦੇ ਘਰ ਆਪ ਮਹਾਰਾਜਾ ਸਾਹਿਬ ਸਿਰ 'ਤੇ ਬੋਰੀ ਚੁਕ ਕੇ ਛੱਡ ਆਏ। ਪਰ ਉਸ ਨੂੰ ਇਹ ਨਹੀਂ ਕਿਹਾ ਕਿ ਬਾਬਾ ਜੇਕਰ ਇੰਨਾ ਭਾਰ ਨਹੀਂ ਚੁਕਿਆ ਜਾਂਦਾ ਤਾਂ ਘੱਟ ਪਾ ਲੈਂਦਾ।
ਅੱਜ ਵੀ ਸਾਡੇ ਦੇਸ਼ ਵਿਚ ਕੋਰੋਨਾ ਕਾਰਨ ਲੋਕ ਭੁੱਖੇ ਮਰ ਰਹੇ ਹਨ ਪਰ ਸਰਕਾਰ ਵਲੋਂ ਸਿਰਫ਼ 5 ਕਿਲੋ ਕਣਕ, ਦਾਲ, ਤਿੰਨ ਸਿਲੰਡਰ ਅਤੇ ਪੰਜ ਸੋ ਰੁਪਏ ਦੇ ਕੇ ਲੋਕਾਂ ਨੂੰ ਟੈਲੀਵੀਜ਼ਨਾਂ 'ਤੇ ਲਿਆ ਕੇ, ਉਨ੍ਹਾਂ ਤੋਂ ਮੋਦੀ ਸਰਕਾਰ ਦਾ ਧੰਨਵਾਦ ਕਰਵਾਇਆ ਜਾ ਰਿਹਾ ਹੈ। ਜਿਹੜਾ ਕੰਮ ਲੋਕਾਂ ਲਈ ਕਰਨਾ ਸਰਕਾਰ ਦਾ ਫ਼ਰਜ਼ ਬਣਦਾ ਹੈ, ਉਸ ਲਈ ਵੀ ਲੋਕਾਂ ਤੋਂ ਹੀ ਧਨਵਾਦ ਕਰਵਾਇਆ ਜਾਂਦਾ ਹੈ।
ਕਿਸੇ ਵੀ ਲੀਡਰ ਨੇ ਅਪਣੇ ਘਰੋਂ ਤਾਂ ਇਕ ਪੈਸਾ ਨਹੀਂ ਦਿਤਾ ਫਿਰ ਧਨਵਾਦ ਕਾਹਦਾ? ਜੇਕਰ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਸੋਨਾ ਲਗਵਾਇਆ ਤਾਂ ਉਨ੍ਹਾਂ ਵਾਰਾਨਸੀ ਦੇ ਮੰਦਰ ਲਈ ਸੋਨੇ ਦਾ ਟਲ ਅਤੇ ਹਿੰਦੂਆਂ ਦੇ ਪ੍ਰਸਿੱਧ ਤੀਰਥ ਸੋਮਨਾਥ ਅਤੇ ਜਗਨਨਾਥ ਦੇ ਮੰਦਰਾਂ ਨੂੰ ਸਵਾ ਸੇਰ ਸੋਨਾ ਦਿਤਾ ਅਤੇ ਉਨ੍ਹਾਂ ਨੇ ਮਸਜਿਦਾਂ ਅਤੇ ਨਵੇਂ ਮੰਦਰਾਂ ਦਾ ਨਿਰਮਾਣ ਕਰਵਾਇਆ।
ਪਰ ਮੋਦੀ ਸਾਹਿਬ ਨੇ ਜਿਥੇ ਗੰਗਾ ਦੀ ਸਫ਼ਾਈ ਲਈ ਇਕ ਮੰਤਰੀ ਦੀ ਡਿਊਟੀ ਲਗਾ ਦਿਤੀ ਜਿਸ ਨੇ ਅਪਣੇ 5 ਸਾਲਾਂ ਵਿਚ ਕਈ ਹਜ਼ਾਰਾਂ ਕਰੋੜ ਰੁਪਏ ਗੰਗਾ ਸਾਫ਼ ਕਰਨ 'ਤੇ ਬਰਬਾਦ ਕਰ ਦਿਤੇ ਪਰ ਫਿਰ ਵੀ ਗੰਗਾ ਸਾਫ਼ ਨਾ ਹੋਈ। ਇਸ ਤੋਂ ਇਲਾਵਾ ਕੁੰਭ ਦੇ ਮੇਲੇ 'ਤੇ 4500 ਕਰੋੜ ਰੁਪਏ ਅਤੇ ਪਟੇਲ ਦੇ ਬੁੱਤ 'ਤੇ 2989 ਕਰੋੜ ਰੁਪਏ ਖ਼ਰਚ ਕੀਤਾ ਪਰ ਜਦੋਂ ਪੰਜਾਬ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ 550 ਸਾਲ ਤੇ 300 ਕਰੋੜ ਦੀ ਮੰਗ ਕੀਤੀ ਤਾਂ ਮੋਦੀ ਸਰਕਾਰ ਨੇ ਇਕ ਪੈਸਾ ਨਾ ਦਿਤਾ, ਕੀ ਇਹ ਧਰਮ ਨਿਰਪੱਖਤਾ ਹੈ? (ਚਲਦਾ)
ਸੰਪਰਕ : 94646-96083, ਬਖ਼ਸ਼ੀਸ਼ ਸਿੰਘ ਸ਼ਭਰਾ